Friday, 16 March 2018

ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ

ਔਕਲੈਂਡ 20  ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਕਣਕ ਦੇ ਨਾਲ ਘੁਣ ਵੀ ਪੀਸਿਆ ਜਾਂਦਾ ਪਰ ਕਈ ਵਾਰ ਕਣਕ ਬਚ ਜਾਂਦੀ ਹੈ ਅਤੇ ਘੁਣ ਪੀਸਿਆ ਜਾਂਦਾ। ਅਜਿਹੀ ਹੀ ਇਕ ਘਟਨਾ ਅੱਜ ਭਾਰਤੀ ਮੂਲ ਦੇ ਮੁੰਬਈ ਨਿਵਾਸੀ 22 ਸਾਲਾਂ ਜਸਕਰਨ ਸਿੰਘ ਚੱਢਾ ਦੇ ਨਾਲ ਹੋਈ। ਜੋ ਕਿ ਅਜੇ ਸਤੰਬਰ ਮਹੀਨੇ ਹੀ ਇਥੇ ਪੜ੍ਹਨ ਆਇਆ ਹੈ।  ਕੁਝ ਦਿਨ ਪਹਿਲਾਂ ਉਹ ਇਕ ਟੌਂਗਨ ਮੂਲ ਦੇ ਆਪਣੇ ਕੰਮ ਵਾਲੇ ਸਥਾਨ 'ਤੇ ਬਣੇ ਦੋਸਤ ਦੇ ਨਾਲ ਕਿਤੇ ਘੁੰਮਣ ਗਿਆ ਸੀ। ਉਸ ਸਮੇਂ ਟੌਂਗਨ ਮੂਲ ਦੇ ਵਿਅਕਤੀ ਦੀ ਮਹਿਲਾ ਮਿੱਤਰ ਵੀ ਨਾਲ ਸੀ ਜਿਸ ਬਾਰੇ ਉਸਨੇ ਨੇ ਕਿਹਾ ਸੀ ਕਿ ਇਹ ਉਸਦੀ ਚਚੇਰੀ ਭੈਣ ਹੈ। ਉਸ ਮਹਿਲਾ ਮਿੱਤਰ ਦੇ ਭਾਈਆਂ ਨੇ ਉਸ ਦਿਨ ਇਸ ਮੁੰਡੇ ਨੂੰ ਅਤੇ ਟੌਂਗਨ ਮੂਲ ਦੇ ਉਸਦੇ ਦੋਸਤ ਨੂੰ ਵੇਖ ਲਿਆ ਸੀ। ਉਸ ਵੇਲੇ ਉਹ ਆਪਣੀ ਭੈਣ ਨੂੰ ਉਥੋਂ ਵਾਪਿਸ ਲੈ ਗਏ ਸਨ। ਇਸ ਪੰਜਾਬੀ ਮੁੰਡੇ ਦਾ ਉਸ ਮਹਿਲਾ ਨਾਲ ਕੋਈ ਜਾਣ-ਪਹਿਚਾਣ ਨਹੀਂ ਸੀ, ਪਰ ਆਪਣੇ ਦੋਸਤ ਦੇ ਕਹੇ 'ਤੇ ਨਾਲ ਚਲਾ ਗਿਆ ਸੀ
। ਅੱਜ ਉਸ ਮਹਿਲਾ ਦੇ ਭਾਈਆਂ ਨੇ ਇਸ ਮੁੰਡੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸ਼ਾਮ 3 ਵਜੇ ਜਦੋਂ ਇਹ ਭਾਰਤੀ ਮੁੰਡਾ ਟਾਊਨ ਸੈਂਟਰ ਅੰਦਰ ਲੰਚ ਕਰਨ ਬਾਅਦ ਗਿਆ ਤਾਂ ਵੜਦਿਆਂ ਹੀ ਉਨ੍ਹਾਂ ਪੁੱਛਿਆ ਕਿ ਤੂੰ ਉਨ੍ਹਾਂ ਦੀ ਭੈਣ ਨਾਲ ਉਸ ਦਿਨ ਮੈਂਗਰੀ ਬ੍ਰਿਜ ਉਤੇ ਘੁੰਮ ਰਿਹਾ ਸੀ? ਤਾਂ ਇਸ ਮੁੰਡੇ ਨੇ ਅਜੇ ਸਫਾਈ ਦੇਣੀ ਹੀ ਸੀ ਕਿ ਉਨ੍ਹਾਂ ਨੇ ਬਿਨਾਂ ਕੁਝ ਸੁਣੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸਦੀ ਪਟਕਾ ਲੱਥ ਗਿਆ, ਐਨਕਾਂ ਟੁੱਟ ਗਈਆਂ, ਦੰਦ ਆਦਿ ਟੁੱਟ ਗਏ। ਇਹ ਮੁੰਡਾ ਹੇਠਾਂ ਗਿਰ ਗਿਆ ਅਤੇ ਉਨ੍ਹਾਂ ਕੁੱਟਣਾ ਜਾਰੀ ਰੱਖਿਆ। ਕਿਸੀ ਤਰਾਂ ਇਹ ਮੁੰਡਾ ਲਾਗੇ ਹੀ ਇਕ ਲਿੱਕਰ ਸਟੋਰ 'ਤੇ ਭੱਜ ਗਿਆ ਜਿੱਥੇ ਕਿਸੇ ਵੇਲੇ ਇਹ ਕੰਮ ਕਰਦਾ ਸੀ। ਉਥੇ ਹਾਜ਼ਿਰ ਦੂਜੇ ਨੌਜਵਾਨਾਂ ਨੇ ਇਸਨੂੰ ਸਹਿਯੋਗ ਕਰਕੇ ਬਚਾ ਲਿਆ। ਟਾਊਨ ਸੈਂਟਰ ਦੇ ਅੰਦਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਕੋਈ ਵੀ ਸਹਾਇਤਾ ਕਰਨ ਜਾਂ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਗੱਲਬਾਤ ਕਿਸੇ ਹੋਰ ਦੀ ਸੀ ਅਤੇ ਕੁੱਟਮਾਰ ਇਸ ਨੌਜਵਾਨ ਦੀ  ਹੋ ਗਈ।
ਪੁਲਿਸ ਦਾ ਡਰਾਵਾ ਆਦਿ ਦੇਣ ਅਤੇ ਉਥੇ ਲਿੱਕਰ ਸਟੋਰ ਦੀ ਮੌਜੂਦ ਸਕਿਉਰਿਟੀ ਦੇ ਡਰੋਂ ਉਹ ਭੱਜ ਗਏ। ਇਸ ਤੋਂ ਬਾਅਦ ਇਸੇ ਮੁੰਡੇ ਦੋ ਫੋਨ ਤੋਂ ਪੁਲਿਸ ਅਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ। ਐਂਬੂਲੈਂਸ ਲਗਪਗ ਇਕ ਘੰਟੇ ਬਾਅਦ ਇਸਨੂੰ ਮਿਡਲ ਮੋਰ ਹਸਪਤਾਲ ਲੈ ਗਈ ਤੇ ਦੇਰ ਸ਼ਾਮ 6:30 ਉਤੇ ਇਸ ਨੂੰ ਛੁੱਟੀ ਗਿੱਤੀ ਗਈ, ਪਰ ਪੁਲਿਸ ਨੇ ਰਾਤ ਤੱਕ ਵੀ ਮੁੰਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਜਦ ਕਿ ਤਿੰਨ ਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਇਸਨੇ ਪੁਲਿਸ ਨੂੰ ਗੁਹਾਰ ਲਗਾਈ।
ਇਸ ਭਾਰਤੀ ਨੌਜਵਾਨ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਹੈ ਕਿ ਪੁਲਿਸ ਅਤੇ ਐਂਬੂਲੈਂਸ ਸੇਵਾਵਾਂ ਵੱਲੋਂ ਇੰਝ ਲਗਦਾ ਹੈ ਜਿਵੇਂ ਸਾਡੇ ਭਾਰਤੀ ਹੋਣ 'ਤੇ ਪੱਖਪਾਤ ਕੀਤਾ ਗਿਆ ਹੋਵੇ। ਉਨ੍ਹਾਂ ਨੇ ਮੇਰੀ ਜਾਨ ਨੂੰ ਖਤਰੇ ਦੇ ਵਿਚ ਸਮਝਿਆ ਹੀ ਨਹੀਂ ਜਦ ਕਿ ਇਸ ਘਟਨਾ ਦੇ ਵਿਚ ਮੇਰੀ ਜਾਨ ਜਾ ਸਕਦੀ ਸੀ। ਉਸਨੇ ਕਿਹਾ ਕਿ ਜੇਕਰ ਪੁਲਿਸ ਘਟਨਾ ਤੋਂ ਬਾਅਦ ਵੀ ਪੀੜ੍ਹਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਪੁਲਿਸ ਦਾ ਇਹ ਨਾਅਰਾ ਕਿ 'ਸੇਫਰ ਕਮਿਊਨਿਟੀ' ਹਾਸੋ-ਹੀਣਾ ਲਗਦਾ ਹੈ।

0 Please Share a Your Opinion.: