Friday, 16 March 2018

ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ

 ਔਕਲੈਂਡ 16 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਪੰਜਾਬੀ ਨੌਜਵਾਨ ਸੰਦੀਪ ਸਿੰਘ ਗਿੱਲ ਪਿੰਡ ਡਾਂਗੀਆਂ ਨੇ ਬੀਤੇ ਦਿਨੀਂ ਔਕਲੈਂਡ ਵਿੱਚ ਇਕ ਔਰਤ ਦੀ ਜਾਨ ਬਚਾ ਲਈ ਜੋ ਕਿ ਚੰਦ ਸਕਿੰਟਾਂ ਦੇ ਵਿਚ ਆਤਮਹੱਤਿਆ ਰਾਹੀਂ ਮੌਤ ਨੂੰ ਗਲੇ ਲਗਾਉਣ ਜਾ ਰਹੀ ਸੀ। ਇਹ ਨੌਜਵਾਨ ਬੀਤੇ ਦਿਨੀਂ ਆਪਣੇ ਕੰਮ ਤੋਂ ਵਾਪਿਸ ਘਰ ਪਰਤ ਰਿਹਾ ਸੀ, ਸਮਾਂ ਰਾਤ 2:45 ਦੇ ਕਰੀਬ ਸੀ। ਈਸਟ ਟਮਾਕੀ ਮੋਟਰਵੇਅ ਬ੍ਰਿਜ ਉਤੋਂ ਜਦੋਂ ਇਹ ਨੌਜਵਾਨ ਆਪਣੀ ਕਾਰ ਵਿਚ ਲੰਘਿਆ ਤਾਂ ਇਕ ਔਰਤ ਪੁੱਲ ਉਤੇ ਸ਼ਰਾਬ ਪੀ ਰਹੀ ਸੀ।  ਜਦੋਂ ਉਸ ਤੋਂ ਅੱਗੇ ਲੰਘਣ ਹੀ ਲੱਗਾ ਸੀ ਤਾਂ ਉਸਦੀ ਨਜ਼ਰ ਪੈ ਗਈ ਕਿ ਉਹ ਪੁੱਲ ਦੇ ਉਤੋਂ ਦੀ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਨੌਜਵਾਨ ਨੇ ਤੁਰੰਤ ਆਪਣੀ ਕਾਰ ਰੋਕ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਤਾਂ ਉਸਨੇ ਬੀਅਰ ਦੀ ਬੋਤਲ ਇਸ ਵੱਲ੍ਹ ਵਗਾਹ ਮਾਰਨ ਦੀ ਕੋਸ਼ਿਸ਼ ਕੀਤੀ ਜੋ ਕਿ ਉਸਦੇ ਹੱਥ ਵਿਚੋਂ ਛੁੱਟ ਗਈ। ਇਸ ਨੌਜਵਾਨ ਦਾ ਬਚਾਅ ਹੋ ਗਿਆ ਪਰ  ਇਸਨੇ ਉਸ ਔਰਤ ਦੀ ਜਾਨ ਬਚਾਉਣ ਖਾਤਿਰ ਉਸ ਤੱਕ ਫਿਰ ਪਹੁੰਚ ਬਣਾਈ ਅਤੇ ਉਸਨੂੰ ਛਾਲ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਔਰਤ ਨੇ ਇਸ ਨੌਜਵਾਨ ਨੂੰ ਹੀ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲੰਘਣ ਵਾਲੀ ਕੋਈ ਵੀ ਕਾਰ ਨਾ ਰੁਕੀ।  ਇਹ ਨੌਜਵਾਨ ਸੜਕ ਉਤੇ ਲੋਕਾਂ ਨੂੰ ਆਵਾਜਾਂ ਮਾਰਨ ਲੱਗਾ ਕਿ ਕੋਈ ਮਦਦ ਕਰੇ, ਐਨੇ ਨੂੰ ਇਕ ਕਾਰ ਰੁਕੀ ਉਸਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਦੋ ਕਾਰਾਂ ਹੋਰ ਰੁਕ ਗਈਆਂ ਤੇ ਮਦਦ ਵਾਸਤੇ ਆਏ। ਕੁਝ ਸਮੇ ਬਾਅਦ ਪੁਲਿਸ ਵੀ ਆ ਗਈ।

0 Please Share a Your Opinion.: