ਸਾਈਬਰ ਹਮਲੇ ਦਾ ਖਤਰੇ ਦੇਖ ਕੇ ਬ੍ਰਿਟੇਨ ਵਿੱਚ ਹਾਈ ਅਲਰਟ ਜਾਰੀ

ਸਾਈਬਰ ਹਮਲੇ ਦਾ ਖਤਰੇ ਦੇਖ ਕੇ ਬ੍ਰਿਟੇਨ ਵਿੱਚ ਹਾਈ ਅਲਰਟ ਜਾਰੀ


ਲੰਡਨ, 19 ਮਾਰਚ (ਪੋਸਟ ਬਿਊਰੋ)- ਸਾਬਕਾ ਰੂਸੀ ਜਾਸੂਸ ਨੂੰ ਬ੍ਰਿਟੇਨ ਵਿੱਚ ਜ਼ਹਿਰ ਦਿੱਤੇ ਜਾਣ ਦੀ ਘਟਨਾ ਪਿੱਛੋਂ ਦੋਵਾਂ ਦੇਸ਼ਾਂ (ਰੂਸ ਅਤੇ ਬ੍ਰਿਟੇਨ) ਦੇ ਵਿਚਾਲੇ ਕੂਟਨੀਤਕ ਤਣਾਅ ਦੇ ਦੌਰਾਨ ਸੰਭਾਵਿਤ ਰੂਸੀ ਸਾਈਬਰ ਹਮਲੇ ਦੇ ਖਤਰੇ ਹੇਠ ਬ੍ਰਿਟੇਨ ਦੇ ਬੈਂਕਾਂ, ਊਰਜਾ ਅਤੇ ਜਲ ਕੰਪਨੀਆਂ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਰੂਸ ਵੱਲੋਂ ਬ੍ਰਿਟੇਨ ਦੀਆਂ ਮਹੱਤਵ ਪੂਰਨ ਰਾਸ਼ਟਰੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਖਤਰਾ ਉਸ ਸਮੇਂ ਵਿੱਚ ਸਾਹਮਣੇ ਆਇਆ ਹੈ, ਜਦ ਯੂਰਪੀ ਯੂਨੀਅਨ ਵਿੱਚ ਰੂਸੀ ਡਿਪਲੋਮੈਟ ਵਲਾਦੀਮੀਰ ਚਿਕੋਵ ਨੇ ਕਿਹਾ ਕਿ ਸਰਗੇਈ ਸਿਕ੍ਰਪਲ ਅਤੇ ਉਨ੍ਹਾਂ ਦੀ ਬੇਟੀ ਯੂਲੀਆ ਉਤੇ ਹੋਏ ਹਮਲੇ ਵਿੱਚ ਵਰਤਿਆ ਗਿਆ ਨਰਵ ਏਜੰਟ ਬ੍ਰਿਟੇਨ ਦੀ ਇਕ ਲੈਬਾਰਟਰੀ ਤੋਂ ਆਇਆ ਹੋ ਸਕਦਾ ਹੈ। ਚਿਕੋਵ ਦੀ ਇਸ ਟਿੱਪਣੀ ਤੋਂ ਪਹਿਲਾ ਰੂਸ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਘਟਨਾ ਲਈ ਬ੍ਰਿਟੇਨ ‘ਤੇ ਦੋਸ਼ ਮੜ੍ਹਿਆ ਸੀ। ਉਨ੍ਹਾਂ ਨੇ ਆਖਿਆ ਸੀ ਕਿ ਚੈਕ ਗਣਰਾਜ, ਸਲੋਵਾਕੀਆ, ਸਵੀਡਨ ਅਤੇ ਸੰਭਵ ਤੌਰ ‘ਤੇ ਅਮਰੀਕਾ ਦੇ ਨਾਲ ਹੀ ਬ੍ਰਿਟੇਨ ਦੇ ਨਰਵ ਏਜੰਟ ਦਾ ਸਰੋਤ ਹੋਣ ਦੀ ਸੰਭਾਵਨਾ ਹੈ।
ਬ੍ਰਿਟੇਨ ਦੀ ਖੁਫੀਆ ਅਤੇ ਸੁਰੱਖਿਆ ਸੇਵਾਵਾਂ ਦੀ ਵਿਸ਼ੇਸ਼ ਸ਼ਾਖਾ ਦੇ ਅਧਿਕਾਰੀ ਬ੍ਰਿਟੇਨ ਵਿੱਚ ਰਹਿ ਰਹੇ ਇਕ ਹੋਰ ਰੂਸੀ ਵਿਰੋਧੀ ਨੂੰ ਮਿਲ ਰਹੀਆਂ ਧਮਕੀਆਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਨੂੰ ਧਮਕੀ ਭਰੇ ਈਮੇਲ ਭੇਜੇ ਜਾ ਰਹੇ ਹਨ। ਇਸ ਦੌਰਾਨ ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਕੱਲ੍ਹ ਕਿਹਾ ਕਿ ਇਕ ਸਾਬਕਾ ਜਾਸੂਸ ਨੂੰ ਜ਼ਹਿਰ ਦਿੱਤੇ ਜਾਣ ਦੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਦਾ ਦੇਸ਼ ਰੂਸ ਨਾਲ ਜੁੜੇ ਪੈਸੇ ਨੂੰ ਨਿਸ਼ਾਨਾ ਬਣਾਏਗਾ। ਉਨ੍ਹਾਂ ਨੇ ਅੰਤਰਰਾਸ਼ਟਰੀ ਕੈਮੀਕਲ ਹਥਿਆਰ ਮਾਹਰਾਂ ਦੇ ਇਕ ਦੌਰੇ ਤੋਂ ਪਹਿਲਾਂ ਇਹ ਗੱਲ ਕਹੀ ਹੈ। ਕੈਮੀਕਲ ਹਥਿਆਰ ਰੋਕੂ ਸੰਗਠਨ ਦੇ ਤਕਨੀਕੀ ਮਾਹਰ ਹਮਲੇ ਵਿੱਚ ਵਰਤੇ ਗਏ ਨਰਵ ਏਜੰਟ ਦੇ ਨਮੂਨੇ ਇਕੱਠੇ ਕਰਨ ਲਈ ਬ੍ਰਿਟੇਨ ਦੀ ਯਾਤਰਾ ਕਰਨਗੇ।
Newest
Previous
Next Post »