ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ


ਔਕਲੈਂਡ 6 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਲਗਪਗ 211 ਕਿਲੋਮੀਟਰ ਦੂਰ ਵਸੇ ਇਕ ਵੱਡੇ ਸ਼ਹਿਰ ਟੌਰੰਗਾ ਵਿਖੇ ਸੰਨ 2013 ਦੇ ਵਿਚ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਸਥਾਪਿਤ ਕੀਤਾ ਗਿਆ ਸੀ। ਇਸ ਅਸਥਾਨ ਤੋਂ ਅੱਜ  ਮੈਨੇਜਮੈਂਟ ਨੇ ਸਥਾਨਕ ਅਤੇ ਇਲਾਕਾ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ। ਸਿੱਖੀ ਪਹਿਚਾਣ ਲਈ ਇਕ ਤਰ੍ਹਾਂ ਨਾਲ ਸੜਕਾਂ ਉਤੇ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਦੇ ਵਿਚ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ। ਨਗਰ ਕੀਰਤਨ ਦੀ ਆਰੰਭਤਾ ਵੇਲੇ ਮੂਹਰੇ-ਮੂਹਰੇ ਸਕਾਟਿਸ਼ ਬੈਂਡ ਵਾਲੇ ਸੰਗੀਤਕ ਦੁਨਾਂ ਬਿਖੇਰ ਰਹੇ ਸਨ ਜਦ ਕਿ ਬੀਬੀਆਂ ਨੈ ਝਾੜੂ ਦੇ ਨਾਲ ਰਸਤਾ ਸਾਫ ਕਰਕੇ ਗੁਰੂ ਸਾਹਿਬ ਦੀ ਸਵਾਰੀ ਲੰਘਣ ਵਾਸਤੇ ਸਤਿਕਾਰ ਵਿਚ ਹੋਰ ਵਾਧਾ ਕੀਤਾ। ਗਤਕਾ ਪਾਰਟੀਆਂ ਆਪਣੇ ਜੌਹਰ ਵਿਖਾ ਰਹੀਆਂ ਸਨ। ਗੁਰਦੁਆਰਾ ਸਾਹਿਬ ਦੇ ਗੇਟ ਮੂਹਰੇ ਠੰਡੇ ਮਿੱਠੇ ਜਲ ਦੀ ਛਬੀਲ, ਕਾਲੇ ਛੋਲਿਆਂ ਅਤੇ ਕੜਾਹ ਪ੍ਰਸ਼ਾਦਿ, ਫਲ, ਡਰਿੰਕਸ, ਪਕੌੜੇ, ਚਿਪਸ, ਚਾਹ ਅਤੇ ਹੋਰ ਲੰਗਰ ਕਈ ਥਾਂ ਉਪਲਬਧ ਕਰਵਾਏ ਗਏ ਸਨ। ਸ। ਬਿਕਰਮਜੀਤ ਸਿੰਘ ਵਿੱਕੀ ਤੇ ਰਣਜੀਤ ਸਿੰਘ ਜੌਲਾ ਵੱਲੋਂ ਟਰੱਕਾਂ ਦੀ ਸੇਵਾ ਸੀ, ਪਾਲਕੀ ਸਾਹਿਬ ਨੂੰ ਬੱਚੀਆਂ ਨੇ  ਸਜਾਇਆ ਸੀ। ਗੁਰਦੁਆਰਾ ਸਾਹਿਬ ਟੀਪੁੱਕੀ ਤੋਂ ਭਾਈ ਹਰਦੇਵ ਸਿੰਘ ਇਸ ਮੌਕੇ ਸਾਰੇ ਸਿੰਘਾਂ ਨਾਲ ਪੂਰਾ ਤਾਲਮੇਲ ਰੱਖ ਰਹੇ ਸਨ। ਛਬੀਲ ਦੀ ਸੇਵਾ ਮਨੋਹਰ ਸਿੰਘ ਵੈਲਕਮ ਬੇਅ ਤੇ ਨੌਜਵਾਨ ਸਾਥੀ, ਡਰਿੰਕਾਂ ਦੀ ਸੇਵਾ ਹੀਰਾ ਫੈਮਿਲੀ, ਰਸਤੇ ਵਿਚ ਚੀਜ਼ ਚਿੱਲੀ ਦਾ ਲੰਗਰ ਵੀ ਵੀਰ ਗੋਲਡੀ ਵੱਲੋਂ ਲਾਇਆ ਗਿਆ।  ਮਾਨ ਫੈਮਿਲੀ ਨੇ ਵੀ ਇਸ ਨਗਰ ਕੀਰਤਨ ਦੇ ਵਿਚ ਕਾਫੀ ਸਹਿਯੋਗ ਦਿੱਤਾ। ਮਨਜਿੰਦਰ ਸਿੰਘ ਦਾਨਾ ਵੱਲੋਂ ਕੁਲਫੀਆਂ ਦਾ ਲੰਗਰ ਵੀ ਦਿਲਚਸਪ ਰਿਹਾ। ਨਗਰ ਕੀਰਤਨ ਦੇ ਇਕੋ-ਇਕ ਪੜਾਅ ਡੈਵਨਪੋਰਟ ਬੁਆਏਜ਼ ਸਕੂਲ ਵਿਖੇ ਰੱਖਿਆ ਗਿਆ ਸੀ ਜਿਥੇ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਨੇ ਬੱਚਿਆਂ ਕੋਲੋਂ ਕਵੀਸ਼ਰੀ ਪੇਸ਼ ਕਰਵਾਈ ਜਿਨ੍ਹਾਂ ਵਿਚ ਅਨੂਪ ਸਿੰਘ-ਇੰਦਰਪ੍ਰੀਤ ਕੌਰ ਸੁੱਜੋਂ ਵਾਲੇ, ਕਰਮਜੋਤ ਸਿੰਘ, ਕਰਨਬੀਰ ਸਿੰਘ, ਇੰਦਰਦੀਪ ਕੌਰ, ਪ੍ਰਭਲੀਨ ਕੌਰ,  ਮਨਮੀਤ ਕੌਰ ਤੇ ਮਹਿਕਦੀਪ ਕੌਰ ਨੇ ਬੜੋ ਜੋਸ਼ ਨਾਲ ਕਵਿਤਾਵਾਂ ਪੇਸ਼ ਕੀਤੀਆਂ। ਇਸ ਨਗਰ ਕੀਰਤਨ ਦੇ ਵਿਚ ਰੋਟੋਰੂਆ, ਹੇਸਟਿੰਗਜ਼, ਟੀ ਪੁੱਕੀ, ਵਾਕਾਟਾਨੀ, ਔਕਲੈਂਡ, ਪਾਪਾਮੋਆ ਅਤੇ ਹੋਰ ਕਈ ਥਾਵਾਂ ਤੋਂ ਸੰਗਤ ਪਹੁੰਚੀ ਹੋਈ ਸੀ। ਰਸਤੇ ਦੇ ਵਿਚ ਥਾਂ-ਥਾਂ ਗੋਰੇ ਅਤੇ ਹੋਰ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਨਗਰ ਕੀਰਤਨ ਵੇਖ ਰਹੇ ਸਨ ਤੇ ਵੀਡੀਓਜ਼ ਰਿਕਾਰਡ ਕਰਕੇ ਸ਼ੋਸ਼ਲ ਮੀਡੀਆ ਉਤੇ ਪਾ ਰਹੇ ਸਨ। ਲਗਪਗ ਦੋ ਘੰਟਿਆਂ ਦੇ ਸਫਰ ਤੋਂ ਬਾਅਦ ਨਗਰ ਕੀਰਤਨ ਸਫਲਤਾ ਦੇ ਨਾਲ ਵਾਪਿਸ ਗੁਰਦੁਆਰਾ ਸਾਹਿਬ ਪਹੁੰਚਿਆ, ਅਰਦਾਸ ਹੋਈ ਅਤੇ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਸੰਗਤਾਂ ਨੂੰ ਵਧਾਈ ਅਤੇ ਸੰਬੋਧਨ: ਇਸ ਪੜਾਅ ਦੇ ਦੌਰਾਨ ਔਕਲੈਂਡ ਤੋਂ ਪੁੱਜੇ ਸ। ਖੜਗ ਸਿੰਘ ਹੋਰਾਂ ਇਕੱਤਰ ਸੰਗਤ ਨੂੰ ਜਿੱਥੇ ਵਧਾਈ ਦਿੱਤੀ ਉਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜ਼ਾ ਕੇ ਹੋਰ ਜੋਸ਼ ਭਰਿਆ। ਉਨ੍ਹਾਂ ਸਥਾਨਕ ਮੈਂਬਰ ਪਾਰਲੀਮੈਂਟ ਸ੍ਰੀ ਸਾਇਮਨ ਬ੍ਰਿਜਸ, ਕੌਂਸਿਲ ਅਧਿਕਾਰੀ ਅਤੇ ਨਿਊਜ਼ੀਲੈਂਡ ਪੁਲਿਸ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਆਖਿਆ।
ਸੰਸਦ ਮੈਂਬਰ ਸ੍ਰੀ ਸਾਇਮਨ ਬ੍ਰਿਜਸ: ਸਥਾਨਕ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਸਾਲ ਇਥੇ ਆ ਕੇ ਬਹੁਤ ਪ੍ਰਸੰਨਤਾ ਹੁੰਦੀ ਹੈ ਅਤੇ ਉਹ ਹਮੇਸ਼ਾਂ ਭਾਰਤੀ ਕਮਿਊਨਿਟੀ ਦੇ ਕੰਮਾਂ ਵਾਸਤੇ ਹਾਜ਼ਿਰ ਹਨ। ਉਨ੍ਹਾਂ ਮੈਨੇਜਮੈਂਟ ਨੂੰ ਪੰਜਵੇਂ ਨਗਰ ਕੀਰਤਨ ਦੀ ਵਧਾਈ ਦਿੱਤੀ।
ਨਿਊਜ਼ੀਲੈਂਡ ਪੁਲਿਸ: ਇਸ ਨਗਰ ਕੀਰਤਨ ਦੇ ਵਿਚ ਪੁਲਿਸ ਨੇ ਆਪਣੀ ਪੂਰੀ ਭੂਮਿਕਾ ਨਿਭਾਈ। ਜਿੱਥੇ ਆਵਾਜਾਈ ਨਿਯੰਤਰਣ ਕੀਤੀ ਗਈ ਉਥੇ ਆਕਲੈਂਡ ਵਿਖੇ ਤਾਇਨਾਤ ਪੰਜਾਬੀ ਕੁੜੀ ਲਵਲੀਨ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੀ ਹੋਈ ਸੀ। ਉਸਨੇ ਆਪਣੇ ਸੰਬੋਧਨ ਦੇ ਵਿਚ ਪੰਜਾਬੀ ਕੁੜੀਆਂ ਨੂੰ ਪੁਲਿਸ ਦੇ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ। ਟੌਰੰਗਾ ਤੋਂ ਇਕ ਮਹਿਲਾ ਕਾਂਸਟੇਬਲ ਅਤੇ ਪੁਰਸ਼ ਕਾਂਸਟੇਬਲ ਦੀ ਮਦਦ ਨਾਲ ਪੁਲਿਸ ਦੀ ਭਰਤੀ ਸਬੰਧੀ ਜਾਣਕਾਰੀ ਦੇਣ ਲਈ ਸਟਾਲ ਵੀ ਲਗਾਇਆ ਗਿਆ, ਜਿੱਥੇ ਬੱਚਿਆਂ ਨੇ ਪੁਲਿਸ ਵੱਲੋਂ ਤਿਆਰ ਬੱਚਿਆਂ ਦੀ ਵਰਦੀ ਪਾ ਕੇ ਬਹੁਤ ਸਾਰੇ ਬੱਚਿਆਂ ਨੇ ਤਸਵੀਰਾਂ ਖਿਚਵਾਈਆਂ। ਮੈਨੇਜਮੈਂਟ ਵੱਲੋਂ ਕਾਂਸਟੇਬਲ ਲਵਲੀਨ ਕੌਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
 
Previous
Next Post »